ਅਕਾਲੀ ਦਲ ਵਾਰਿਸ ਪੰਜਾਬ ਦੇ
ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸਿਆਸੀ ਪਾਰਟੀ ਹੈ, ਜੋ ਪੰਜਾਬ ਵਿੱਚ ਸਕਾਰਾਤਮਕ ਤਬਦੀਲੀ ਅਤੇ ਲੋਕਾਂ ਨੂੰ ਸਸ਼ਕਤ ਕਰਨ ਲਈ ਸਮਰਪਿਤ ਹੈ। ਪਾਰਦਰਸ਼ਤਾ, ਜਵਾਬਦੇਹੀ ਅਤੇ ਵਿਕਾਸ-ਅਧਾਰਿਤ ਸ਼ਾਸਨ ਦੇ ਸਿਧਾਂਤਾਂ ਤੇ ਆਧਾਰਿਤ, ਪਾਰਟੀ ਹਰ ਵਰਗ ਦੀ ਭਲਾਈ, ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਲਈ ਕੰਮ ਕਰਦੀ ਹੈ।। ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਤੱਕ ਇਸ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ, ਜਿਸਦੇ ਹੇਠ ਲਿਖੇ ਮੈਂਬਰ ਹੋਣਗੇ:
- ਭਾਈ ਸੁਰਜੀਤ ਸਿੰਘ
- ਬਾਪੂ ਤਰਸੇਮ ਸਿੰਘ
- ਭਾਈ ਸਰਬਜੀਤ ਸਿੰਘ ਖਾਲਸਾ
- ਭਾਈ ਅਮਰਜੀਤ ਸਿੰਘ
- ਭਾਈ ਹਰਭਜਨ ਸਿੰਘ ਤੁੜ
ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਲਈ ਬਣਨ ਵਾਲੀਆਂ ਸਬ- ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦਕ ਕਾਰਵਾਈਆਂ ਨੂੰ ਚਲਾਏਗੀ।
ਆਓ, ਨਵਾਂ ਵਿਸਮਾਦੀ ਪੰਜਾਬ ਸਿਰਜੀਏ !
ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਚਾਲੀ ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਇਤਿਹਾਸਕ ਇਕੱਠ ਵਿਚ ਜੈਕਾਰਿਆਂ ਦੀ ਗੂੰਜ ਵਿਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ ਕੀਤਾ ਗਿਆ ਹੈ। ਪੰਜਾਬ ਨੂੰ ਲੋੜੀਂਦੀ ਇਕ ਨਵੀਂ ਖੇਤਰੀ ਪਾਰਟੀ ਦੀ ਜੋ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਉਸ ਦਿਸ਼ਾ ਵੱਲ ਇਸ ਦੇ ਅਗੂਆਂ ਅਤੇ ਸਿੱਖ ਸੰਗਤ ਨੇ ਪੰਥ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੁਝ ਸੁਪਨੇ ਸੰਜੋਏ ਹਨ। ਵਰਤਮਾਨ ਸਮੇਂ ਵਿਚ ਪੰਜਾਬ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਪੰਜਾਬ ਦੇ ਲੋਕ, ਵਿਸ਼ੇਸ਼ ਕਰਕੇ ਨੌਜੁਆਨ ਬੇਰੁਜ਼ਗਾਰੀ, ਨਸ਼ਾਖੋਰੀ, ਨੈਤਿਕ ਗਿਰਾਵਟ, ਪਾਣੀ ਅਤੇ ਹਵਾ ਦੇ ਪ੍ਰਦੂਸ਼ਣ, ਬੀਮਾਰੀਆਂ, ਭ੍ਰਿਸ਼ਟਾਚਾਰ ਵਿੱਦਿਅਕ ਅਤੇ ਸਿਹਤ ਸਹੂਲਤਾਂ ਅਤੇ ਕਈ ਤਰ੍ਹਾਂ ਦੇ ਹੋਰ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਜਿਹੜਾ ਪੰਜਾਬ, ‘ਗੁਰੂਆਂ ਦੇ ਨਾਂ ‘ਤੇ ਜਿਊਂਦਾ’ ਸੀ, ਉਸ ਵਿਚ ਜਾਤ-ਪਾਤ ਦੀ ਵੰਡ, ਫਿਰਕੂ ਨਫ਼ਰਤ, ਵਿਤਕਰੇਬਾਜੀ ਅਤੇ ਸਮਾਜਿਕ ਊਚ-ਨੀਚ ਅਤੇ ਸੱਭਿਆਚਾਰਕ ਗਿਰਾਵਟ ਦੀ ਕਾਂਜੀ ਘੁੱਲ ਗਈ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਸਾਹਿਬਾਨ ਤੇ ਭਗਤਾਂ ਦੇ ਭਾਈਚਾਰਕ ਸਾਂਝ ਵਿਚ ਰਹਿਣ ਦੇ ਮਕਸਦ ਪਲੀਤ ਹੋ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੀ ਬੇ-ਰੁਖੀ, ਸਮਾਜਿਕ ਅਸੁਰੱਖਿਆ ਅਤੇ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਦੇ ਸੰਕਟ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਆਧਾਰਿਤ ਇਕ ਨਵਾਂ ਵਿਸਮਾਦੀ ਪੰਜਾਬ ਮਾਡਲ ਸਿਰਜੇਗਾ, ਜਿਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।
ਸਾਡਾ ਉਦੇਸ਼
ਅਸੀਂ ਆਪ ਜੀ ਨਾਲ ਵਾਇਦਾ ਕਰਦੇ ਹਾਂ ਕਿ:-
- ਅਕਾਲੀ ਦਲ (ਵਾਰਿਸ ਪੰਜਾਬ ਦੇ) ਲੋਕਾਂ ਦੀ, ਵਿਸ਼ੇਸ਼ ਕਰਕੇ ਨੌਜੁਆਨਾਂ, ਦਲਿਤ ਭਾਈਚਾਰੇ, ਕਿਸਾਨਾਂ, ਕਿਰਤੀਆਂ, ਮਨਰੇਗਾ ਮਜ਼ਦੂਰਾਂ ਤੇ ਔਰਤਾਂ ਦੀ ਸਮੁੱਚੀ ਰਾਜਨੀਤਿਕ ਅਤੇ ਆਰਥਿਕ ਸੁਰੱਖਿਆ ਲਈ ਇਕ ਕੁਦਰਤ-ਮੁਖੀ ਅਤੇ ਲੋਕ-ਪੱਖੀ ਏਜੰਡਾ ਲਿਆਏਗਾ, ਜਿਸ ਨਾਲ ਨਵੀਨਤਾ ਤੇ ਰਵਾਇਤੀ ਸਰੋਕਾਰਾਂ ਵਾਲਾ ਇਕ ਨਵਾਂ ਵਿਸਮਾਦੀ ਪੰਜਾਬ ਹੋਂਦ ਵਿਚ ਆਏਗਾ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਕਮਜ਼ੋਰ ਹੋ ਚੁੱਕੀਆਂ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਨ੍ਹਾਂ ਵਿਚ ਲੋੜੀਂਦੇ ਬਹੁ-ਪਰਤੀ ਸੁਧਾਰ ਲਿਆਉਣ ਲਈ ਵਚਨਬੱਧ ਹੈ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਲੋਕਾਂ ਨੂੰ ਵਰਾਮਤਨ ਦੀ ਭ੍ਰਿਸ਼ਟ ਹੋ ਚੁੱਕੀ ਰਾਜਨੀਤੀ ਵਿਚ ਸੁਧਾਰ ਲਿਆ ਕੇ ਇਕ ਆਦਰਸ਼ਕ ਬਦਲਵੀਂ ਰਾਜਨੀਤੀ ਅਤੇ ਪਾਰਟੀ ਦੇਣ ਲਈ ਵਚਨਬੱਧ ਰਹੇਗਾ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਲੋਕਾਂ ਲਈ ਇਕ ਨਸ਼ਾ-ਮੁਕਤ ਅਤੇ ਨੈਤਿਕ ਉੱਚਤਾ ਵਾਲਾ ਸਮਾਜ ਸਿਰਜਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ।
- ਪੰਜਾਬ ਦੇ ਤੇਰਾਂ ਹਜ਼ਾਰ ਤੋਂ ਵੱਧ ਪਿੰਡਾਂ ਵਿਚ ਸਥਿਤ ਹਜ਼ਾਰਾਂ ਹੀ ਗੁਰਦੁਆਰਾ ਸਾਹਿਬਾਨ ਦੀ ਧਾਰਮਿਕ-ਸਮਾਜਿਕ ਭੂਮਿਕਾ ਦੀ ਨਿਸ਼ਾਨਦੇਹੀ ਕਰਕੇ ਪਿੰਡਾਂ ਵਿਚ ਕਿਸੇ ਕੇਂਦਰੀ ਸਥਾਨ ਉੱਤੇ ਜਿੰਮਾਂ, ਕੰਪਿਊਟਰ ਸੈਂਟਰਾਂ, ਲਾਏਬ੍ਰੇਰੀਆਂ, ਗੁਰਮਤਿ ਵਿੱਦਿਆਲੇ, ਗਤਕਾ ਅਤੇ ਮਾਰਸ਼ਲ ਆਰਟ, ਟਿਊਸ਼ਨ ਸੈਂਟਰ ਖੋਲ੍ਹਣ ਅਤੇ ਬਾਲਗ ਵਿੱਦਿਆ ਆਦਿ ਲਈ ਸਮਾਜ-ਸੇਵੀ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਸਰਕਾਰਾਂ ਦੇ ਸਹਿਯੋਗ ਨਾਲ ਇਕ ਪਿੰਡ ਨੂੰ ਇਕਾਈ ਮੰਨ ਕੇ ਬੇਰੁਜ਼ਗਾਰ ਨੌਜੁਆਨਾਂ ਅਤੇ ਬੀਬੀਆਂ ਲਈ ਘੱਟੋ-ਘੱਟ 2 ਲੱਖ ਨੌਕਰੀਆਂ ਦਾ ਪ੍ਰਬੰਧ ਕਰਨ ਲਈ ਪਹਿਲਕਦਮੀ ਕਰੇਗਾ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਕਿਸਾਨਾਂ, ਕਿਰਤੀਆਂ, ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗਾਂ ਦੀ ਆਰਥਿਕ ਉੱਨਤੀ ਲਈ ਖੇਤੀ ਉਦਯੋਗਾਂ ਅਤੇ ਨਵੀਆਂ ਤਕਨੀਕਾਂ ਉੱਤੇ ਆਧਾਰਿਤ ਇਕ ਬਦਲਵਾਂ ਖੇਤੀ ਮਾਡਲ ਸਿਰਜੇਗਾ ਤਾਂ ਜੋ ਪਿੰਡਾਂ ਦੇ ਨੌਜੁਆਨਾਂ ਲਈ ਪਿੰਡ ਵਿਚ ਹੀ ਲੋੜੀਂਦੇ ਰੁਜ਼ਗਾਰ ਦਾ ਪ੍ਰਬੰਧ ਹੋ ਸਕੇ। ਇੰਜ ਸਿੱਖ ਨੌਜੁਆਨਾਂ ਦਾ ਵਿਦੇਸ਼ਾਂ ਵਿਚ ਜਾ ਕੇ ਕੰਮ ਲੱਭਣ ਦੀ ਹੋੜ ਵਿਚ ਕਮੀ ਆ ਸਕੇਗੀ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਗੁਆਚ ਰਹੇ ਰਵਾਇਤੀ ਸੱਭਿਆਚਾਰ, ਇਮਾਰਤੀ ਵਿਰਸੇ, ਪੰਜਾਬੀ ਸੱਭਿਆਚਾਰ ਨਾਲ ਜੁੜੇ ਸਾਰੇ ਸਰੋਕਾਰਾਂ ਦੀ ਸੰਭਾਲ ਲਈ ਯਤਨ ਕਰੇਗਾ ਤਾਂ ਜੋ ਪੰਜਾਬ ਦੀ ਮਿੱਟੀ ਦੀ ਮਹਿਕ ਇਸਦੇ ਭਵਿੱਖ ਦੇ ਵਾਰਿਸ ਪੰਜਾਬ ਵਿਚ ਹੀ ਰਹਿ ਕੇ ਪੰਜਾਬ ਦੀ ਵਿਰਾਸਤ ਨੂੰ ਹੋਰ ਅਮੀਰ ਕਰਨ ਵਿਚ ਆਪਣਾ ਯੋਗਦਾਨ ਪਾ ਸਕਣ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰੇਗਾ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕਰਦਾ ਹੈ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ‘ਨਸਲਾਂ ਤੇ ਫ਼ਸਲਾਂ’ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦਾ ਹੈ।
- ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਕਰਦਾ ਹੈ।
- ਪੰਥ ਦੀ ਰੱਖਿਆ – ਸਿੱਖ ਪੰਥ ਦੀ ਮਰਿਆਦਾ, ਇਤਿਹਾਸ ਅਤੇ ਸੰਸਕ੍ਰਿਤੀ ਦੀ ਸੁਰੱਖਿਆ।
- ਪੰਜਾਬ ਦੀ ਖੇਤੀ-ਬਾੜੀ ਦੀ ਸੰਭਾਲ – ਕਿਸਾਨਾਂ ਲਈ ਵਧੇਰੇ ਸੁਵਿਧਾਵਾਂ ਅਤੇ ਢਾਂਚਾਗਤ ਵਿਕਾਸ।
- ਨੌਜਵਾਨਾਂ ਲਈ ਰੋਜ਼ਗਾਰ – ਨਵੇਂ ਉਦਯੋਗ, ਸਟਾਰਟਅੱਪਸ ਅਤੇ ਨੌਕਰੀਆਂ ਦੇ ਮੌਕੇ।
- ਮੁਫ਼ਤ ਤੇ ਗੁਣਵੱਤਾ ਯੁਕਤ ਸਿੱਖਿਆ – ਸਕੂਲ, ਕਾਲਜ ਅਤੇ ਤਕਨੀਕੀ ਸਿੱਖਿਆ ਦੀ ਵਧੋੱਤੀ।
- ਸਿਹਤ ਅਤੇ ਹਸਪਤਾਲ ਸੇਵਾਵਾਂ – ਮੁਫ਼ਤ ਇਲਾਜ, ਨਵੇਂ ਹਸਪਤਾਲ ਅਤੇ ਦਵਾਈਆਂ ਉਪਲਬਧ ਕਰਵਾਉਣਾ।
- ਡਰੱਗ ਫ੍ਰੀ ਪੰਜਾਬ – ਨਸ਼ਾ ਵਿਰੋਧੀ ਮੁਹਿੰਮ ਅਤੇ ਨਵੇਂ ਪੁਨਰਵਾਸ ਕੇਂਦਰ।
- ਮਹਿਲਾਵਾਂ ਦਾ ਸਸ਼ਕਤੀਕਰਨ – ਸੁਰੱਖਿਆ, ਸਿੱਖਿਆ ਅਤੇ ਆਰਥਿਕ ਆਤਮਨਿਰਭਰਤਾ।
- ਧਾਰਮਿਕ ਸਥਾਨਾਂ ਦੀ ਸੰਭਾਲ – ਗੁਰਦੁਆਰਿਆਂ ਅਤੇ ਇਤਿਹਾਸਕ ਥਾਵਾਂ ਦੀ ਰੱਖਿਆ।
- ਕਾਨੂੰਨ ਅਤੇ ਕੈਪਾਬਲ ਸਰਕਾਰ – ਪਾਰਦਰਸ਼ੀ ਨੀਤੀਆਂ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ।
- ਨਵੀਂ ਤਕਨੀਕ ਅਤੇ ਆਧੁਨਿਕਤਾ – ਡਿਜੀਟਲ ਪੰਜਾਬ ਅਤੇ ਆਧੁਨਿਕ ਇਨਫ੍ਰਾਸਟ੍ਰਕਚਰ।